ਮੁੱਲਾਂਪੁਰ ਗਰੀਬਦਾਸ, 10 ਅਪ੍ਰੈਲ (ਰਜਨੀਕਾਂਤ ਗਰੋਵਰ, ਰਾਜੀਵ ਸਿੰਗਲਾ)- ਕੋਵਿਡ-19 (ਕੋਰੋਨਾ ਵਾਇਰਸ) ਇੱਕ ਮਹਾਮਾਰੀ ਵਾਂਗ ਜਿਥੇ ਦੁਨੀਆ ਭਰ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਇਸ ਮਹਾਮਾਰੀ ਤੋਂ ਗ੍ਰਸਤ ਮਰੀਜਾਂ ਦਾ ਦਿਨ ਪ੍ਰਤੀ ਦਿਨ ਦੁਨੀਆ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾ ਸਿਰਫ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਅੱਗੇ ਆ ਰਹੀਆਂ ਹਨ ਬਲਕਿ ਇਸ ਔਖੀ ਘੜੀ ਵਿੱਚ ਗਰੀਬ ਤੇ ਅਸਹਾਏ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ । ਇਸੇ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਾਡੇ ਇਲਾਕੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਖਰੜ ਜਿਲਾ ਮੋਹਾਲੀ ਦੀ ਇੱਕ ਸੰਸਥਾ ਸਰਵ ਹਿਊਮਨਿਟੀ ਸਰਵ ਗੋਡਾ ਚੈਰੀਟੇਬਲ ਟਰੱਸਟ ਵੱਲੋਂ ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਅਲੱਗ ਅਲੱਗ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ ।
ਦਿੱਤੀਆਂ ਜਾ ਰਹੀ ਇਨਾਂ ਸੇਵਾਵਾਂ ਸਬੰਧੀ ਇੱਕ ਪ੍ਰੈਸ ਨੋਟ ਰਾਹੀਂ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਟਰੱਸਟ ਵੱਲੋਂ ਪਿਛਲੇ ਦੋ ਹਫਤਿਆਂ ਵਿੱਚ ਮੋਹਾਲੀ ਅਤੇ ਚੰਡੀਗੜ ਦੇ ਖੇਤਰ ਵਿੱਚ ਕੰਮ ਕਰ ਰਹੇ ਡਾਕਟਰ, ਨਰਸਾਂ ਆਦਿ ਅਤੇ ਪੁਲਿਸ ਮੁਲਾਜਮਾਂ ਨੂੰ 4 ਹਜਾਰ ਮਾਸਕ ਤੇ ਇੱਕ ਹਜਾਰ ਤੋਂ ਵੱਧ ਸੈਨੀਟਾਈਜਰ ਦੀ ਵੰਡ ਕੀਤੀ ਗਈ ਹੈ । ਉਨਾਂ ਅੱਗੇ ਦੱਸਿਆ ਕਿ ਟਰੱਸਟ ਦੀ ਟੀਮ ਦੇ ਵਾਲੰਟੀਅਰਾਂ ਵੱਲੋਂ ਮੁੱਲਾਂਪੁਰ ਗਰੀਬਦਾਸ, ਬਜਹੇੜੀ, ਰੁੜਕੀ ਤੇ ਪੈਂਤਪੁਰ ਆਦਿ ਪਿੰਡਾਂ ਵਿੱਚ ਲੱਗਭੱਗ 200 ਲੋੜਵੰਦ ਪਰਿਵਾਰਾਂ ਵਿੱਚ ਰਾਸ਼ਨ ਵੰਡਿਆ ਗਿਆ ਹੈ । ਇਸ ਤੋਂ ਇਲਾਵਾ ਟਰੱਸਟ ਵੱਲੋਂ ਚੰਡੀਗੜ ਦੇ ਸਲੱਮ ਏਰੀਆ ਵਿੱਚ 300 ਪਰਿਵਾਰਾਂ ਤੇ ਜਿਲਾ ਫਤਹਿਗੜ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ 300 ਤੋਂ ਵੱਧ ਲੋੜਵੰਦ ਪਰਿਵਾਰਾਂ ਵਿੱਚ ਵੀ ਰਾਸ਼ਨ ਦੀ ਵੰਡ ਕੀਤੀ ਗਈ ਹੈ । ਉਨਾਂ ਇਹ ਵੀ ਦੱਸਿਆ ਕਿ ਟਰੱਸਟ ਦੇ ਵਾਲੰਟੀਅਰਾਂ ਵੱਲੋਂ ਮੁੱਲਾਂਪੁਰ ਗਰੀਬਦਾਸ, ਰਤਵਾੜਾ ਸਾਹਿਬ, ਪੈਂਤਪੁਰ ਤੇ ਪੀ.ਜੀ.ਆਈ ਦੇ ਬਾਹਰ ਰੈਨ ਬਸੇਰਿਆਂ ਨੂੰ ਵਿਸ਼ੇਸ਼ ਤੋਰ ਤੇ ਸੈਨੀਟਾਈਜ ਵੀ ਕੀਤਾ ਗਿਆ ਅਤੇ ਇਸ ਦੌਰਾਨ ਸੰਸਥਾ ਦੇ ਮੈਂਬਰਾਂ ਤੇ ਵਾਲੰਟੀਅਰਾਂ ਵੱਲੋਂ ਲੋਕਾਂ ਨੂੰ ਕੋਵਿਡ-19 (ਕੋਰੋਨਾ ਵਾਇਰਸ) ਤੋਂ ਬਚਾਉ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਘਰਾਂ ਅੰਦਰ ਰਹਿਣ ਅਤੇ ਆਪਣੇ ਆਲੇ ਦੁਆਲੇ ਤੇ ਆਪਣੇ ਸ਼ਰੀਰ ਦੀ ਸਾਫ ਸਫਾਈ ਸਬੰਧੀ ਜਾਗਰੂਕ ਵੀ ਕੀਤਾ ਗਿਆ ।
ਆਖਿਰ ਵਿੱਚ ਉਨਾਂ ਕਿਹਾ ਕਿ ਉਨਾਂ ਦੇ ਸਰਵ ਹਿਊਮਨਿਟੀ ਸਰਵ ਗੋਡਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਤੇ ਵਾਲੰਟੀਅਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਤੇ ਟਰੱਸਟ ਦੇ ਸਮੂਹ ਮੈਂਬਰਾਂ ਤੇ ਵਾਲੰਟੀਅਰਾਂ ਵੱਲੋਂ ਕੋਵਿਡ-19 (ਕੋਰੋਨਾ ਵਾਇਰਸ) ਤੋਂ ਸਭਨਾ ਦੇ ਬਚਾਓ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ।
ਇਸ ਮੌਕੇ ਉਨਾਂ ਨਾਲ ਨਵਜੋਤ ਸਿੰਘ ਸਿੱਧੂ, ਕਰਕਿਰਤ ਸਿੰਘ, ਅਗਮਵੀਰ ਸਿੰਘ, ਜੋਤੀ ਸਲੂਜਾ, ਬੇਅੰਤ ਸਿੰਘ, ਸੋਨੂੰ, ਗਗਨਦੀਪ, ਮਨਪ੍ਰੀਤ ਸਿੰਘ, ਸਨੀ ਰਿਆੜ, ਗਗਨਦੀਪ ਸਿੰਘ ਬੱਲ, ਰਾਕੇਸ਼ ਸ਼ਰਮਾਂ, ਰਵਿ ਸਿੰਘ ਤੇ ਸੰਜੀਵ ਆਦਿ ਹਾਜਰ ਸਨ ।
ਅਦਾਰੇ ਵਲੋਂ ਲਗੀ ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ
ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।